ਮੋਹਾਲੀ : ( 16 ਅਪ੍ਰੈਲ ):ਕੁਝ ਦਿਨ ਪਹਿਲਾਂ ਇੱਕ ਸਟਿੰਗ ਅਪ੍ਰੇਸ਼ਨ ਨੂੰ ਲੈ ਕੇ ਚਰਚਾ ਵਿੱਚ ਆਈ ਨਿਰਪ੍ਰੀਤ ਕੌਰ ਨੇ ‘84 ਦੇ ਕਤਲੇਆਮ ਦੇ ਸਬੰਧ ਵਿੱਚ ਆਪਣੇ ਕੋਲ ਹੋਰ ਸਬੂਤ ਹੋਣ ਦਾ ਦਾਅਵਾ ਕਰਨ ਦੇ ਨਾਲ
ਹੀ ਕਿਹਾ ਕਿ ਸਤਨਾਮ ਬਾਈ ਕੇਸ ਵਿੱਚ ਅਕਾਲੀ ਦਲ (ਬ) ਦਿੱਲੀ ਦੇ ਕੁਝ ਲੀਡਰਾਂ ਨੇ ਵੀ ਐਚ ਕੇ ਐਲ ਭਗਤ ਨੂੰ ਬਚਾਉਣ ਲਈ ਗਵਾਹਾਂ ਦੀ ਖਰੀਦੋ-ਫਰੋਖ਼ਤ ਕੀਤੀ ਸੀ। ਪ੍ਰੈਸ ਕਲੱਬ ਮੋਹਾਲੀ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰਪ੍ਰੀਤ ਕੌਰ ਨੇ ਕਿਹਾ ਕਿ ਇਨ੍ਹਾਂ ਕਤਲੇਆਮ ਦੌਰਾਨ ਜਿੱਥੇ ਹਜ਼ਾਰਾਂ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਸੀ, ਉਥੇ ਉਸ ਦੇ ਪਿਤਾ ਨਿਰਮਲ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਜਿਊਂਦਾ ਹੀ ਸਾੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੌਰਾਨ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ। ਪ੍ਰੈਸ ਕਾਨਫਰੰਸ ਦੌਰਾਨ ਨਿਰਪ੍ਰੀਤ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਵੱਲੋਂ ਕਾਂਗਰਸੀ ਆਗੂ ਹਰਵਿੰਦਰ ਸਿੰਘ ਹੰਸਪਾਲ ਬਾਰੇ ਜੋ ਸਟਿੰਗ ਅਪ੍ਰੇਸ਼ਨ ਕਰਵਾਇਆ ਗਿਆ ਹੈ, ਉਸ ਤੋਂ ਇਲਾਵਾ ਉਸ ਕੋਲ ਹੋਰ ਵੀ ਕਈ ਸਬੂਤ ਮੌਜੂਦ ਹਨ।
ਇਨ੍ਹਾਂ ਸਬੂਤਾਂ ਤੋਂ ਸਪੱਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਅਸਰ-ਰਸੂਖ਼ ਵਾਲੇ ਸਿਆਸੀ ਲੋਕ ‘84 ਕਤਲੇਆਮ ਦੇ ਗਵਾਹਾਂ ਨੂੰ ਧਮਕਾਉਂਦੇ ਰਹੇ ਹਨ। ਪ੍ਰੈਸ ਕਾਨਫਰੰਸ ਦੌਰਾਨ ਨਿਰਪ੍ਰੀਤ ਨੇ ਕਿਹਾ ਕਿ ਜੇਕਰ ਹੰਸਪਾਲ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ ਕਰਾਉਂਦੇ ਹਨ ਤਾਂ ਉਹ ਸਾਰੇ ਸਬੂਤ ਅਦਾਲਤ ਵਿੱਚ ਪੇਸ਼ ਕਰਕੇ ਆਪਣਾ ਪੱਖ਼ ਰੱਖੇਗੀ। ਸ੍ਰੀ ਹੰਸਪਾਲ ਦੇ ਦਫ਼ਤਰ ਜਾਣ ਸਬੰਧੀ ਪੁੱਛੇ ਜਾਣ ‘ਤੇ ਨਿਰਪ੍ਰੀਤ ਨੇ ਕਿਹਾ ਕਿ ਉਸ ਨੂੰ ਘੱਟ ਗਿਣਤੀ ਕਮਿਸ਼ਨ ਦੇ ਦਫ਼ਤਰ ਸੱਦਿਆ ਗਿਆ ਸੀ। ਪ੍ਰੈਸ ਕਾਨਫਰੰਸ ਦੌਰਾਨ ਨਿਰਪ੍ਰੀਤ ਨੇ ਕਿਹਾ ਕਿ ਕਤਲੇਆਮ ਦੌਰਾਨ ਬਲਵਾਨ ਖੋਖਰ, ਕ੍ਰਿਸ਼ਨ ਖੋਖਰ ਤੇ ਖ਼ੁਦ ਨੂੰ ਸੱਜਣ ਕੁਮਾਰ ਦਾ ਭਾਣਜਾ ਦੱਸਣ ਵਾਲੇ ਕਾਂਗਰਸੀ ਆਗੂ ਮਹਿੰਦਰ ਸਿੰਘ ਯਾਦਵ ਨੇ ਉਸ ਦੇ ਪਿਤਾ ‘ਤੇ ਹਮਲਾ ਕੀਤਾ ਸੀ। ਨਿਰਪ੍ਰੀਤ ਨੇ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਾਰਟੀ ਵਿੱਚ ਸ਼ਾਮਲ ਕਤਲੇਆਮ ਦੇ ਦੋਸ਼ੀਆਂ, ਜਗਦੀਸ਼ ਟਾਇਟਲਰ, ਕਮਲ ਨਾਥ ਅਤੇ ਐਚਐਸ ਹੰਸਪਾਲ ਨੂੰ ਬਾਹਰ ਕੱਢ ਕੇ ਸਮੁੱਚੇ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਣ। ਇਸ ਮੌਕੇ ਸਟਿੰਗ ਅਪ੍ਰੇਸ਼ਨ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਨਿਰਪ੍ਰੀਤ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਅਕਾਲੀ ਦਲ ਬਾਦਲ ਕੋਲੋਂ ਮੰਗ ਕੀਤੀ ਕਿ ਸਿੱਖ ਭਾਈਚਾਰੇ ਦੇ ਕਾਤਲ ਇਜ਼ਹਾਰ ਆਲਮ ਨੂੰ ਵੀ ਪਾਰਟੀ ਤੋਂ ਬਾਹਰ ਕੱਢਿਆ ਜਾਵੇ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਨਸਾਫ਼ ਪ੍ਰਾਪਤੀ ਲਈ ਲੜਿਆ ਜਾ ਰਿਹਾ ਸੰਘਰਸ਼ ਹੁਣ ਅਹਿਮ ਦੌਰ ਵਿੱਚ ਦਾਖ਼ਲ ਹੋ ਗਿਆ ਹੈ ਤੇ ਜਲਦ ਹੀ ਸਭਨਾਂ ਦੇ ਚਿਹਰੇ ਨੰਗੇ ਹੋ ਜਾਣਗੇ।
‘ਜਸਟਿਸ ਫਾਰ ਵਿਕਟਮ' ਦੀ ਪ੍ਰਧਾਨ ਨਿਰਪ੍ਰੀਤ ਕੌਰ ਜੋ ਕਿ ਨਵੰਬਰ 1984 ਸਿੱਖ ਕਲਤੇਆਮ ਸਬੰਧੀ ਸੀਨੀਅਰ ਕਾਂਗਰਸ ਆਗੂ ਸੱਜਣ ਕੁਮਾਰ ਵਿਰੁੱਧ ਮੁੱਖ ਗਵਾਹ ਵੀ ਹਨ ਨੇ ਦੁਹਰਾਇਆ ਕਿ ਇੰਦਰਾ ਗਾਂਧੀ ਦੀ ਹੱਤਿਆਂ ਤੋਂ ਬਾਅਦ ਦੇਸ਼ ਵਿਚ ਵਾਪਰੇ ਦੁਖਾਂਤ ਦੌਰਾਨ ਨਵੀਂ ਦਿੱਲੀ ਵਿਚ ਉਸ ਦੇ ਪਿਤਾ ਨਿਰਮਲ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮÎਣੇ ਜਿੰਦਾ ਸਾੜਿਆ ਗਿਆ ਅਤੇ ਹਮਲਾਵਰਾਂ ਦੀ ਅਗਵਾਈ ਕਾਂਗਰਸ ਆਗੂ ਸੱਜਣ ਸਿੰਘ ਕਰ ਰਹੇ ਸਨ।
ਅੱਜ ਇਥੇ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਨਾਲ ਮਿਲ ਕੇ ਅੰਗਰੇਜ਼ੀ ਚੈਨਲ ਵੱਲੋਂ ਜੋ ਸਟਿੰਗ ਅਪਰੇਸ਼ਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਐਚ.ਐਸ. ਹੰਸਪਾਲ ਖਿਲਾਫ਼ ਕੀਤਾ ਹੈ। ਇਸ ਤਰ੍ਹਾਂ ਦੇ ਉਨ੍ਹਾਂ ਕੋਲ ਹੋਰ ਵੀ ਅਨੇਕਾਂ ਸਬੂਤ ਹਨ। ਜਿਸ ਤੋਂ ਸਿੱਧ ਹੁੰਦਾ ਹੈ ਕਿ ਸਿਆਸੀ ਲੋਕ ਕਿਸ ਤਰ੍ਹਾਂ ਸਿੱਖ ਕਤਲੇਆਮ ਦੇ ਗਵਾਹਾਂ ਨੂੰ ਡਰਾ-ਧਮਕਾ ਕੇ ਬਿਆਨਾਂ ਤੋਂ ਮੁਕਰਾਉਣ ਲਈ ਦਬਾਅ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਤਲੇਆਮ ਦੌਰਾਨ ਆਪਣੇ ਆਪ ਨੂੰ ਸੱਜਣ ਕੁਮਾਰ ਦੇ ਭਾਣਜੇ ਦੱਸਦੇ ਬਲਵਾਨ ਖੋਖਰ, ਕਿਸਨ ਖੋਖਰ ਅਤੇ ਕਾਂਗਰਸ ਆਗੂ ਮਹਿੰਦਰ ਸਿੰਘ ਯਾਦਵ ਨੇ ਉਸ ਦੇ ਪਿਤਾ 'ਤੇ ਹਮਲਾ ਕੀਤਾ ਸੀ। ਜਿਸ ਨੂੰ ਬਾਅਦ ਵਿਚ ਮਾਣ-ਸਤਿਕਾਰ ਵਜੋਂ ਕਾਂਗਰਸ ਨੇ ਐਮ.ਐਲ.ਏ ਦਾ ਟਿਕਟ ਵੀ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਸਤਨਾਮੀ ਬਾਈ ਕੇਸ ਵਿੱਚ ਵੱਖ-ਵੱਖ ਅਕਾਲੀ ਲੀਡਰਾਂ ਨੇ ਵੀ ਐਚ.ਕੇ.ਐਲ ਭਗਤ ਨੂੰ ਬਚਾਉਣ ਲਈ ਗਵਾਹਾਂ ਦੀ ਖਰੀਦੋ-ਫਰੋਖਤ ਕੀਤੀ ਹੈ।
ਨਿਰਪ੍ਰੀਤ ਕੌਰ ਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਾਂਗਰਸ ਆਗੂ ਸੱਜਣ ਕੁਮਾਰ, ਜਗਦੀਸ਼ ਟਾਈਟਲਰ,ਕਮਲਨਾਥ ਅਤੇ ਐਚ.ਐਸ.ਹੰਸਪਾਲ ਨੂੰ ਤੁਰੰਤ ਪਾਰਟੀ ਵਿਚੋਂ ਕੱਢਣ ਦੀ ਅਪੀਲ ਕੀਤੀ ਅਤੇ ਕਿਹਾ ਸਮੁੱਚੇ ਸਿੱਖ ਜਗਤ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਜਾਵੇ ਤਾਂ ਜੋ ਰੋਸ ਸ਼ਾਂਤ ਹੋ ਸਕੇ।
ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਨੇ ਹੋਰ ਗਵਾਹਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਿਰਦੋਸ਼ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ 'ਤੇ ਰਾਜਨੀਤਿਕ ਪਾਰਟੀਆਂ ਨੂੰ ਗੰਧਲੀ ਸਿਆਸਤ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਅਕਾਲੀ ਦਲ (ਬਾਦਲ) ਕੋਲੋਂ ਮੰਗ ਕੀਤੀ ਕਿ ਉਹ ਇਜਹਾਰ ਆਲਮ ਨੂੰ ਪਾਰਟੀ ਵਿਚੋਂ ਕੱਢ ਦੇਣ।
ਇਸ ਮੌਕੇ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਕਿ ਸਿੱਖ ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਮੁਲਜ਼ਮਾਂ ਨੂੰ ਸਜਾਵਾਂ ਮਿਲਣ ਤੱਕ ਫੈਡਰੇਸ਼ਨ ਆਪਣਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਨਸਾਫ ਪ੍ਰਾਪਤੀ ਲਈ ਲੜਿਆ ਜਾ ਰਿਹਾ ਸੰਘਰਸ਼ ਹੁਣ ਅੰਤਿਮ ਪੜਾਅ ਵਿੱਚ ਪ੍ਰਵੇਸ਼ ਕਰ ਗਿਆ ਹੈ ਅਤੇ ਹੁਣ ਕਾਂਗਰਸੀ ਆਗੂ ਆਪਣੇ ਬਚਾਊ ਲਈ ਕੋਝੀਆਂ ਹਰਕਤਾਂ 'ਤੇ ਉਤਰ ਆਏ ਹਨ।
ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਪਿਛਲੇ ਛੱਬੀ ਸਾਲਾਂ ਤੋਂ ਮੁਕੱਦਮੇ ਲੜਦੇ ਆ ਰਹੇ ਵਕੀਲ ਐਚ.ਐਸ. ਫੂਲਕਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਐਚ.ਐਸ. ਹੰਸਪਾਲ ਵੱਲੋਂ ਨਿਰਪ੍ਰੀਤ ਕੌਰ ਨੂੰ ਗਵਾਹੀ ਦੇਣ ਤੋਂ ਥਿੜਕਾਉਣ ਬਾਰੇ ਇੱਕ ਪ੍ਰਾਈਵੇਟ ਚੈਨਲ ਵੱਲੋਂ ਕੀਤੇ ਗਏ ਖੁਲਾਸੇ ਦੇ ਮੱਦੇਨਜ਼ਰ ਕਿਹਾ ਹੈ ਕਿ ਇਹ ਸਾਬਤ ਹੋਣ ਲੱਗਾ ਹੈ ਕਿ ਸਰਕਾਰੀ ਮਸ਼ੀਨੀਰੀ ਦੀ ਵਰਤੋਂ ਕਰਕੇ ਕਾਂਗਰਸ ਅਜੇ ਵੀ ਨਵੰਬਰ '84 ਦੇ ਕਥਿਤ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਸ੍ਰੀ ਫੂਲਕਾ ਨੇ ਕਿਹਾ ਕਿ ਨਿਰਪ੍ਰੀਤ ਕੌਰ ਨੇ ਅਦਾਲਤ ਵਿੱਚ ਸੱਜਣ ਕੁਮਾਰ ਦੇ ਖਿਲਾਫ਼ ਠੋਸ ਗਵਾਹੀ ਦਿੱਤੀ ਸੀ ਤੇ ਉਸ 'ਤੇ ਪਿਤਾ ਨੂੰ ਜ਼ਿੰਦਾ ਸਾੜਨ ਬਾਰੇ ਪੂਰੇ ਵੇਰਵੇ ਅਦਾਲਤ ਅੱਗੇ ਦੱਸੇ ਸਨ।
ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਪਾਰਟੀ ਵਿਚੋਂ ਕੱਢੇ ਕਿਉਂਕਿ ਜੱਦੋਂ ਤੱਕ ਕਿ ਇਹ ਆਗੂ ਸੱਤਾਧਾਰੀ ਦਲ ਨਾਲ ਜੁੜੇ ਰਹਿਣਗੇ ਤਾਂ '84 ਦੇ ਗਵਾਹਾਂ ਨੂੰ ਡਰ ਬਣਿਆ ਰਹੇਗਾ। ਉਨ੍ਹਾਂ ਪ੍ਰਧਾਨ ਮੰਤਰੀ ਤੇ ਸ੍ਰੀਮਤੀ ਸੋਨੀਆ ਗਾਂਧੀ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਵੇਂ ਆਗੂਆਂ ਨੂੰ ਕਾਂਗਰਸ ਵਿਚੋਂ ਕੱਢਿਆ ਜਾਵੇ ਤਾਂ ਕਿ ਮੁਕੱਦਮਿਆਂ ਦੀ ਸੁਣਵਾਈ ਨਿਰਪੱਖ ਹੋ ਸਕੇ। ਜਰਨੈਲ ਸਿੰਘ ਨੇ ਕਿਹਾ ਕਿ ਨਿਆਂਪਾਲਿਕਾ ਨੂੰ ਪ੍ਰਭਾਵਤ ਕਰਨ ਦੇ ਕਥਿਤ ਦੋਸ਼ ਹੇਠ ਹੰਸਪਾਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇੱਕ ਵਖਰੇ ਬਿਆਨ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਕਿ ਤਿੰਨ ਕਰੋੜ ਰੁਪਏ ਦੇਣ ਬਾਰੇ ਸਾਹਮਣੇ ਆਏ ਸਟਿੰਗ ਆਪਰੇਸ਼ਨ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੰਸਪਾਲ 'ਤੇ ਅਜਿਹਾ ਦੋਸ਼ ਲੱਗਣਾ, ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮਵਾਰੀ ਨੂੰ ਨਿਭਾਉਣ ਪ੍ਰਤੀ ਇਮਾਨਦਾਰ ਹੋਣ 'ਤੇ ਵੀ ਸ਼ੱਕ ਨੂੰ ਜਨਮ ਦੇਵੇਗਾ। ਉਨ੍ਹਾਂ ਇਸ ਲਈ ਸਮਾਂ-ਬੱਧ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਪਹਿਲਾਂ ਵੀ ਨਵੰਬਰ '84 ਦੇ ਮਾਮਲਿਆਂ ਨਾਲ ਸਬੰਧਤ ਗਵਾਹਾਂ ਦੇ ਮੁੱਕਰਨ ਬਾਰੇ ਪਹਿਲਾਂ ਵੀ ਜੋ ਤੱਥ ਪ੍ਰਕਾਸ਼ਤ ਹੋਏ ਹਨ, ਉਨ੍ਹਾਂ ਦੀ ਵੀ ਸੀ.ਬੀ.ਆਈ. ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੇ ਕਿਹੜੇ ਕਾਰਨ ਸਨ ਕਿ ਗਵਾਹ ਮੁੱਕਰੇ ਸਨ।